ਫੋਰਟਿਨ ਦੀ ਅਚਾਨਕ ਵਿਦਾਈ ਨੇ ਖੜ੍ਹੇ ਕੀਤੇ ਕਈ ਸਵਾਲ !
ਫੋਰਟਿਨ ਉੱਤੇ ਲੱਗੇ ਜਿਨਸੀ ਸੋ਼ਸ਼ਣ ਦੇ ਦੋਸ਼
ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਵੈਕਸੀਨ ਵੰਡ ਦਾ ਚਿਹਰਾ ਰਹੇ ਹਨ, ਨੂੰ ਜਿਨਸੀ ਸ਼ੋਸ਼ਣ ਵਰਗੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਜਿਨਸੀ ਸ਼ੋਸ਼ਣ ਸਬੰਧੀ ਦੋਸ਼ 30 ਸਾਲ ਪਹਿਲਾਂ ਦੇ ਮਾਮਲੇ ਵਿੱਚ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਿਲਟਰੀ ਪੁਲਿਸ ਨੂੰ ਮਾਰਚ ਵਿੱਚ ਫੋਰਟਿਨ ਖਿਲਾਫ ਰਸਮੀ ਸਿ਼ਕਾਇਤ ਮਿਲੀ ਸੀ। ਇਸ ਸਿ਼ਕਾਇਤ ਵਿੱਚ ਫੋਰਟਿਨ ਉੱਤੇ ਜਿਨਸੀ ਹਮਲੇ ਦਾ ਦੋਸ਼ ਲਾਇਆ ਗਿਆ ਸੀ।ਸੂਤਰਾਂ ਅਨੁਸਾਰ ਇਹ ਘਟਨਾ 32 ਸਾਲ ਪਹਿਲਾਂ 1989 ਵਿੱਚ ਵਾਪਰੀ ਸੀ। ਉਸ ਸਮੇਂ ਫੋਰਟਿਨ ਸੇਂਟ ਜੀਨ, ਕਿਊਬਿਕ ਵਿੱਚ ਰੌਇਲ ਮਿਲਟਰੀ ਕਾਲਜ ਦੇ ਵਿਦਿਆਰਥੀ ਸਨ। ਆਪਣਾ ਨਾਂ ਜਾਹਰ ਨਾ ਕਰਨ ਦੀ ਸ਼ਰਤ ਉੱਤੇ ਸੂਤਰਾਂ ਨੇ ਦੱਸਿਆ ਕਿ ਇੱਕ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਫੋਰਟਿਨ ਖਿਲਾਫ ਜਾਂਚ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਫੋਰਟਿਨ ਕੋਵਿਡ-19 ਵੈਕਸੀਨ ਦੀ ਦੇਸ਼ ਭਰ ਵਿੱਚ ਕੀਤੀ ਜਾ ਰਹੀ ਵੰਡ ਦੇ ਮਾਮਲੇ ਵਿੱਚ ਨਿਭਾਈ ਜਾ ਰਹੀ ਭੂਮਿਕਾ ਤੋਂ ਪਾਸੇ ਹੋ ਰਹੇ ਹਨ। ਇਸ ਦਾ ਕਾਰਨ ਇੱਕ ਫੌਜੀ ਜਾਂਚ ਦੱਸਿਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਹੀ ਇਹ ਦੋਸ਼ ਲਾਏ ਜਾਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮਿਲਟਰੀ ਪੁਲਿਸ ਵੱਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ। ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਇਹ ਦੋਸ਼ ਅਦਾਲਤ ਵਿੱਚ ਸਿੱਧ ਨਹੀਂ ਹੋ ਪਾਏ ਹਨ। ਇੱਕ ਬਿਆਨ ਵਿੱਚ ਫੋਰਟਿਨ ਦੇ ਵਕੀਲ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਦੋਸ਼ਾਂ ਦਾ ਕੋਈ ਇਲਮ ਨਹੀਂ ਸੀ ਤੇ ਫੋਰਟਿਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਗਿਆ ਹੈ।
Comments are closed.