Parvasi |Radio |Parvasi TV |Punjabi Newspaper |Youtube |Business Pages

ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼, 25 ਤੋਂ ਵੱਧ ਚਾਰਜ

Parvasi News, GTA

ਓਨਟਾਰੀਓ ਵਿੱਚ ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼ ਹੋਣ ਤੋਂ ਬਾਅਦ 25 ਵਿਅਕਤੀਆਂ ਤੋਂ ਵੀ ਵੱਧ ਨੂੰ ਚਾਰਜ ਕੀਤਾ ਗਿਆ ਹੈ। ਇਸ ਦੌਰਾਨ 48 ਹਥਿਆਰ, 730,000 ਡਾਲਰ ਨਕਦੀ ਤੇ 2·5 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਦਾਮਦ ਕੀਤੇ ਗਏ ਹਨ। ਇਸ ਦੌਰਾਨ ਬੱਚਿਆਂ ਦੇ ਇੰਡੋਰ ਪਲੇਅ ਸੈਂਟਰ ਤੋਂ ਵੀ ਹੈਰੋਈਨ ਬਰਾਮਦ ਕੀਤੀ ਗਈ। ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪ੍ਰੋਜੈਕਟ ਚੀਤਾ ਦਾ ਨਾਂ ਦਿੱਤਾ ਗਿਆ ਸੀ। ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਇਹ ਨੈੱਟਵਰਕ ਪੱਛਮੀ ਕੈਨੇਡਾ, ਅਮਰੀਕਾ ਤੇ ਭਾਰਤ ਤੱਕ ਫੈਲਿਆ ਹੋਇਆ ਸੀ। ਸਮਗਲਰਜ਼ ਵੱਲੋਂ ਵੱਡੀ ਪੱਧਰ ਉੱਤੇ ਚਲਾਏ ਜਾ ਰਹੇ ਇਸ ਨੈੱਟਵਰਕ ਵਿੱਚ ਕੋਕੀਨ, ਕੈਟਾਮਾਈਨ, ਹੈਰੋਇਨ ਤੇ ਅਫੀਮ ਬਾਹਰੋਂ ਮੰਗਵਾ ਕੇ ਦੇਸ਼ ਭਰ ਵਿੱਚ ਸਪਲਾਈ ਕੀਤਾ ਜਾਂਦਾ ਸੀ। ਯੌਰਕ ਪੁਲਿਸ ਨੇ ਆਖਿਆ ਕਿ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਸਾਡੀ ਕਮਿਊਨਿਟੀ ਲਈ ਕਾਫੀ ਹਾਨੀਕਾਰਕ ਹਨ। ਇਨ੍ਹਾਂ ਨਾਲ ਸਾਡੇ ਬੱਚਿਆਂ, ਸਾਡੇ ਭਵਿੱਖ ਨੂੰ ਵੱਡਾ ਖਤਰਾ ਹੈ। ਇਸ ਦੌਰਾਨ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਨ੍ਹਾਂ ਵਿੱਚੋਂ 27 ਓਨਟਾਰੀਓ ਵਾਸੀ ਹਨ ‘ਤੇ ਉਨ੍ਹਾਂ ਉੱਤੇ 130 ਕ੍ਰਿਮੀਨਲ ਅਫੈਂਸਿਜ਼ ਦਰਜ ਕੀਤੇ ਗਏ। ਓਨਟਾਰੀਓ ਵਿੱਚ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚੋਂ 19 ਬਰੈਂਪਟਨ ਤੋਂ ਸਨ, ਚਾਰ ਟੋਰਾਂਟੋ ਤੋਂ, ਦੋ ਵਾਅਨ ਤੋਂ, ਇੱਕ ਵੁੱਡਸਟੌਕ ਤੋਂ ਅਤੇ ਇੱਕ ਕੇਲਡਨ ਤੋਂ ਸੀ। 8 ਅਪਰੈਲ ਨੂੰ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੈਲੇਫੋਰਨੀਆ ਵਿੱਚ ਇਸ ਪ੍ਰੋਜੈਕਟ ਤਹਿਤ 50 ਸਰਚ ਵਾਰੰਟ ਕਢਵਾਏ ਗਏ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੌਰਾਨ 2·3 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਜਿਨ੍ਹਾਂ ਵਿੱਚ 10 ਕਿਲੋਗ੍ਰਾਮ ਕੋਕੀਨ, ਅੱਠ ਕਿਲੋਗ੍ਰਾਮ ਕੈਟਾਮਾਈਨ, ਤਿੰਨ ਕਿਲੋਗ੍ਰਾਮ ਹੈਰੋਇਨ ‘ਤੇ 2·5 ਕਿਲੋਗ੍ਰਾਮ ਅਫੀਮ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਇੰਡੋਰ ਪਲੇਅ ਸੈਂਟਰ ਤੋਂ ਵੀ ਹੈਰੋਇਨ ਮਿਲੀ ਹੈ ।

You might also like More from author

Comments are closed.