Parvasi |Radio |Parvasi TV |Punjabi Newspaper |Youtube |Business Pages

ਵੱਡੀ ਖ਼ਬਰ: ਟੋਰਾਂਟੋ ਵਿੱਚ 61 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ

Parvasi News, Canada

ਟੋਰਾਂਟੋ ਪੁਲਿਸ ਸਰਵਿਸ ਵੱਲੋਂ ਕੌਮਾਂਤਰੀ ਡਰੱਗ ਸਮਗਲਿੰਗ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਦੇ ਹੱਥ 1,000 ਕਿਲੋਗ੍ਰਾਮ ਕੋਕੀਨ, ਕਿ੍ਰਸਟਲ ਮੈੱਥ ‘ਤੇ ਮੈਰੀਯੁਆਨਾ ਲੱਗੀ ਹੈ, ਜਿਸਨੂੰ ਮੌਡੀਫਾਈ (ਸੋਧੇ) ਕੀਤੇ ਗਏ ਟਰੈਕਟਰ ਟਰੇਲਰਜ਼ ਰਾਹੀਂ ਮੈਕਸਿਕੋ, ਕੈਲੇਫੋਰਨੀਆ ਤੇ ਕੈਨੇਡਾ ਸਮਗਲ ਕੀਤਾ ਜਾਂਦਾ ਸੀ। ਪ੍ਰੋਜੈਕਟ ਬਿ੍ਰਸਾ ਤਹਿਤ ਕੈਨੇਡੀਅਨ ਤੇ ਅਮੈਰੀਕਨ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਨਾਲ ਨਾਲ ਦੱਖਣ-ਪੱਛਮ ਓਨਟਾਰੀਓ ‘ਤੇ ਕੈਨੇਡਾ ਭਰ ਦੀਆਂ ਏਜੰਸੀਆਂ ਦੀ ਭਾਈਵਾਲੀ ਵਿੱਚ ਛੇ ਮਹੀਨੇ ਤੱਕ ਇਸ ਮਾਮਲੇ ਦੀ ਜਾਂਚ ਕੀਤੀ ਗਈ। ਦੱਸਿਆ ਗਿਆ ਕਿ ਨਵੰਬਰ 2020 ‘ਤੇ ਮਈ 2021 ਦਰਮਿਆਨ ਜਾਂਚਕਾਰਾਂ ਵੱਲੋਂ ਸਰਹੱਦੋਂ ਆਰ-ਪਾਰ ਨਸਿ਼ਆਂ ਦੀ ਸਮਗਲਿੰਗ ਕਰਨ ਵਾਲਿਆਂ ਦੀ ਪਹਿਲਾਂ ਪਛਾਣ ਕੀਤੀ ਤੇ ਫਿਰ ਉਨ੍ਹਾਂ ਦੀ ਪੈੜ ਨੱਪੀ ਗਈ। ਇਹ ਦੋਸ਼ ਲਾਇਆ ਗਿਆ ਕਿ ਟਰੈਕਟਰ ਟਰੇਲਰਜ਼ ਵਿੱਚ ਹਾਇਡਰੌਲਿਕ ਟਰੈਪਸ ਲਾ ਕੇ ਉਨ੍ਹਾਂ ਨੂੰ ਇੱਕੋ ਗੇੜੇ ਵਿੱਚ 100 ਕਿੱਲੋਗ੍ਰਾਮ ਨਸ਼ੀਲੇ ਪਦਾਰਥ ਪਾਰ ਲਾਉਣ ਯੋਗ ਬਣਾਇਆ ਜਾਂਦਾ ਸੀ। ਇਸ ਸਬੰਧ ਵਿੱਚ 20 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਕਾਫੀ ਨਿੱਕੀ ਉਮਰ ਦਾ ਸ਼ਖਸ ਵੀ ਹੈ। ਦੋ ਮਸ਼ਕੂਕਾਂ ਦੇ ਸਬੰਧ ਵਿੱਚ ਸਥਿਤੀ ਅਜੇ ਸਪਸ਼ਟ ਨਹੀਂ ਹੋ ਸਕੀ। ਸਾਂਝੇ ਤੌਰ ਉੱਤੇ ਇਨ੍ਹਾਂ ਵਿਅਕਤੀਆਂ ਖਿਲਾਫ 182 ਚਾਰਜਿਜ਼ ਲਾਏ ਗਏ ਹਨ। ਇਸ ਸਮੁੱਚੇ ਪ੍ਰੋਜੈਕਟ ਵਿੱਚ ਜਾਂਚਕਾਰਾਂ ਵੱਲੋਂ ਇੱਕ ਅਜਿਹੇ ਸ਼ਖਸ ਦੀ ਪਛਾਣ ਕੀਤੀ ਗਈ ਜਿਸਨੂੰ ਟਰੈਪ ਮੇਕਰ ਆਖਿਆ ਜਾਂਦਾ ਸੀ। ਇਹ ਵਿਅਕਤੀ ਹੀ ਕਥਿਤ ਤੌਰ ਉੱਤੇ ਵੱਡੀ ਗਿਣਤੀ ਵਿੱਚ ਨਸਿ਼ਆਂ ਨੂੰ ਸਰਹੱਦੋਂ ਪਾਰ ਲਾਉਣ ਲਈ ਟਰੈਕਟਰ ਟਰੇਲਰਜ਼ ਵਿੱਚ ਹਿਡਨ ਕੰਪਾਰਟਮੈਂਟਸ ਬਣਾਉਂਦਾ ਸੀ। ਸਰ੍ਹੀ, ਬ੍ਰਿਟਿਸ਼ ਕੋਲੰਬੀਆ ਦੇ 43 ਸਾਲਾ ਜੇਸਨ ਹਾਲ, ਜਿਸ ਨੂੰ ਟ੍ਰੈਪ ਮੇਕਰ ਵਜੋਂ ਜਾਣਿਆ ਜਾਂਦਾ ਹੈ, ਨੇ ਪਿਛਲੇ ਹਫਤੇ ਖੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ ਤੇ ਉਸ ਉੱਤੇ ਜੁਰਮ ਕਰਨ ਦੀ ਸਾਜਿ਼ਸ਼ ਰਚਣ ਤੇ ਮੁਜਰਮਾਨਾ ਆਰਗੇਨਾਈਜ਼ੇਸ਼ਨ ਦੇ ਕੰਮਾਂ ਵਿੱਚ ਹਿੱਸਾ ਲੈਣ ਦਾ ਦੋਸ਼ ਲਾਇਆ ਗਿਆ ਹੈ। ਕੁੱਲ ਮਿਲਾ ਕੇ ਜਾਂਚਕਾਰਾਂ ਨੂੰ 440 ਕਿੱਲੋ ਕੋਕੀਨ, 182 ਕਿੱਲੋ ਕਿ੍ਰਸਟਲ ਮੈੱਥ, 427 ਕਿੱਲੋ ਮੈਰੀਯੁਆਨਾ, 300 ਆਕਸੀਕੋਡੋਨ ਪਿੱਲਜ਼, 966,020 ਡਾਲਰ ਨਕਦ ਕੈਨੇਡੀਅਨ ਕਰੰਸੀ, 21 ਗੱਡੀਆਂ-ਜਿਨ੍ਹਾਂ ਵਿੱਚ 5 ਟਰੈਕਟਰ ਟਰੇਲਰਜ਼ ਵੀ ਸ਼ਾਮਲ ਹਨ ਤੇ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ। ਇਨ੍ਹਾਂ ਬਰਾਮਦ ਕੀਤੇ ਨਸਿ਼ਆਂ ਦੀ ਸਟਰੀਟ ਵੈਲਿਊ 61 ਮਿਲੀਅਨ ਡਾਲਰ ਹੈ। ਪ੍ਰੋਜੈਕਟ ਬਿ੍ਰਸਾ ਦੇ ਹਿੱਸੇ ਵਜੋਂ 19 ਹੋਰਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਪੰਜਾਬੀ ਮੂਲ ਦੇ ਨੌਂ ਸ਼ਖਸ ਵੀ ਸ਼ਾਮਲ ਹਨ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ : ਟੋਰਾਂਟੋ ਦਾ 28 ਸਾਲਾ ਰਾਇਨ ਨਿਕੋਲਾਕਾਕੌਸ,  ਟੋਰਾਂਟੋ ਦਾ 23 ਸਾਲਾ ਜਾਅ ਮਿਨ ਹਤੂ,  ਟੋਰਾਂਟੋ ਦਾ 24 ਸਾਲਾ ਡੈਮੌਏ ਸਰਚਵੈੱਲ,  ਵਾਅਨ ਦਾ 28 ਸਾਲਾ ਸਾਮੇਤ ਹਾਇਸਾ,  ਟੋਰਾਂਟੋ ਦਾ 43 ਸਾਲਾ ਹਨੀਫ ਜਮਾਲ, ਟੋਰਾਂਟੋ ਦਾ 28 ਸਾਲਾ ਵੇਅ ਜੀ ਹੁਆਂਗ,  ਟੋਰਾਂਟੋ ਦਾ 35 ਸਾਲਾ ਨਦੀਮ ਲੀਲਾ, ਟੋਰਾਂਟੋ ਦਾ 68 ਸਾਲਾ ਯੂਸਫ ਲੀਲਾ,  ਬਰੈਂਪਟਨ ਦਾ 37 ਸਾਲਾ ਗੁਰਬਖਸ਼ ਸਿੰਘ ਗਰੇਵਾਲ,  ਕੇਲਡਨ ਦਾ 25 ਸਾਲਾ ਅਮਰਬੀਰ ਸਿੰਘ ਸਰਕਾਰੀਆ, ਕੇਲਡਨ ਦਾ 46 ਸਾਲਾ ਹਰਬਲਜੀਤ ਸਿੰਘ ਤੂਰ, ਕੇਲਡਨ ਦੀ 43 ਸਾਲਾ ਮਹਿਲਾ ਹਰਵਿੰਦਰ ਭੁੱਲਰ, ਕਿਚਨਰ ਦਾ 37 ਸਾਲਾ ਸਰਜੰਟ ਸਿੰਘ ਧਾਲੀਵਾਲ, ਕਿਚਨਰ ਦਾ 26 ਸਾਲਾ ਗੁਰਵੀਰ ਧਾਲੀਵਾਲ, ਕਿਚਨਰ ਦਾ 26 ਸਾਲਾ ਗੁਰਮਨਪ੍ਰੀਤ ਗਰੇਵਾਲ,  ਬਰੈਂਪਟਨ ਦਾ 37 ਸਾਲਾ ਸੁਖਵੰਤ ਬਰਾੜ,  ਬਰੈਂਪਟਨ ਦਾ 33 ਸਾਲਾ ਪਰਮਿੰਦਰ ਗਿੱਲ,  ਟੋਰਾਂਟੋ ਦਾ 35 ਸਾਲਾ ਆਂਦਰੇ ਵਿਲੀਅਮਜ਼ |  ਇੱਕ ਜਵਾਨ ਸ਼ਖਸ ਨੂੰ ਵੀ ਚਾਰਜ ਕੀਤਾ ਗਿਆ ਹੈ ਤੇ ਪ੍ਰੋਜੈਕਟ ਬਿ੍ਰਸਾ ਤਹਿਤ ਦੋ ਵਿਅਕਤੀ ਅਜੇ ਹੋਰ ਵਾਂਟਿਡ ਹਨ ਜਿਨ੍ਹਾਂ ਦੇ ਨਾਂ ਹਨ ਟੋਰਾਂਟੋ ਦੇ 23 ਸਾਲਾ ਵਿਲੀਅਮ ਨ੍ਹਾਨ ‘ਤੇ ਟੋਰਾਂਟੋ ਦੇ ਹੀ 38 ਸਾਲਾ ਸਕੌਟ ਮੈਕਮੈਨਸ।

You might also like More from author

Comments are closed.