Parvasi |Radio |Parvasi TV |Punjabi Newspaper |Youtube |Business Pages

ਨਿਆਂ ਵਿੱਚ ਵਿਘਣ ਪਾਉਣ ਲਈ ਵਾਂਸ ਨੂੰ ਕੀਤਾ ਗਿਆ ਚਾਰਜ

Parvasi News, Canada

ਡਿਫੈਂਸ ਸਟਾਫ ਦੇ ਸਾਬਕਾ ਚੀਫ ਜਨਰਲ ਜੌਨਾਥਨ ਵਾਂਸ ਨੂੰ ਕ੍ਰਿਮੀਨਲ ਕੋਡ ਤਹਿਤ ਨਿਆਂ ਵਿੱਚ ਵਿਘਣ ਪਾਉਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਉਨ੍ਹਾਂ ਉੱਤੇ ਇਹ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਵੱਲੋਂ ਇੱਕ ਮਹਿਲਾ ਉੱਤੇ ਆਪਣੇ ਪੁਰਾਣੇ ਸਬੰਧਾਂ ਨੂੰ ਲੈ ਕੇ ਝੂਠਾ ਬਿਆਨ ਦੇਣ ਲਈ ਦਬਾਅ ਪਾਇਆ ਗਿਆ। ਕੈਨੇਡੀਅਨ ਆਰਮਡ ਫੋਰਸਿਜ਼ ਤੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਵਾਂਸ ਖਿਲਾਫ ਚਾਰਜ 15 ਜੁਲਾਈ ਨੂੰ ਲਾਏ ਗਏ। ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸਿਜ਼ ( ਸੀ ਐਫ ਐਨ ਆਈ ਐਸ ) ਵੱਲੋਂ ਲਾਏ ਗਏ ਚਾਰਜਿਜ਼ ਤੋਂ ਬਾਅਦ ਫੌਜ ਨੇ ਆਖਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਸੀ ਐਫ ਐਨ ਆਈ ਐਸ ਨੇ ਇਨ੍ਹਾਂ ਕ੍ਰਿਮਿਨਲ ਚਾਰਜਿਜ਼ ਨੂੰ ਸਿਵੀਲੀਅਨ ਜਸਟਿਸ ਸਿਸਟਮ ਵਿੱਚ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।ਇਹ ਵੀ ਆਖਿਆ ਗਿਆ ਕਿ ਵਾਂਸ ਨੂੰ ਕ੍ਰਿਮੀਨਲ ਕੋਡ ਦੀ ਧਾਰਾ 139 ਤਹਿਤ ਨਿਆਂ ਵਿੱਚ ਵਿਘਣ ਪਾਉਣ ਦੇ ਇੱਕ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਮਿਲਟਰੀ ਪੁਲਿਸ ਨੇ 4 ਫਰਵਰੀ ਨੂੰ ਵਾਂਸ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਫੌਜ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੀ ਵਾਂਸ ਵੱਲੋਂ ਤਥਾਕਥਿਤ ਤੌਰ ਉੱਤੇ ਵਿਘਣ ਪਾਉਣ ਦੀ ਕੋਸਿ਼ਸ਼ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਂਸ ਨੇ ਨਿਆਂਇਕ ਪ੍ਰਕਿਰਿਆ ਦੌਰਾਨ ਕੇ·ਬੀ ਨਾਂ ਦੀ ਮਹਿਲਾ ਨੂੰ ਵਾਰੀ ਵਾਰੀ ਫੋਨ ਕਰਕੇ ਉਸ ਨੂੰ ਆਪਣੇ ਸਬੰਧਾਂ ਬਾਰੇ ਝੂਠਾ ਬਿਆਨ ਦੇਣ ਲਈ ਮਨਾਉਣ ਦੀ ਲਗਾਤਾਰ ਕੋਸਿ਼ਸ਼ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਕੇ·ਬੀ ਮੇਜਰ ਕੈਲੀ ਬ੍ਰੈਨਨ ਨੂੰ ਹੀ ਦੱਸਿਆ ਗਿਆ ਹੈ ਤੇ ਉਹ ਵਾਂਸ ਖਿਲਾਫ ਸ਼ੋਸ਼ਣ ਸਬੰਧੀ ਲਾਏ ਗਏ ਦੋਸ਼ਾਂ ਦਾ ਧੁਰਾ ਹੈ। ਇਹ ਵੀ ਆਖਿਆ ਗਿਆ ਹੈ ਕਿ ਵਾਂਸ ਨੇ ਕੇ·ਬੀ ਉੱਤੇ ਇਹ ਦਬਾਅ ਪਹਿਲੀ ਫਰਵਰੀ ਤੋਂ 3 ਫਰਵਰੀ ਤੱਕ ਪਾਇਆ, ਜਦੋਂ ਸੀ ਐਫ ਐਨ ਆਈ ਐਸ ਨੇ ਜਾਂਚ ਅਜੇ ਸੁ਼ਰੂ ਹੀ ਕਰਨੀ ਸੀ। ਜ਼ਿਕਰਯੋਗ ਹੈ ਕਿ ਬ੍ਰੈਨਨ ਹੀ ਉਹ ਮਹਿਲਾ ਹੈ ਜਿਸ ਨੇ ਵਾਂਸ ਨੂੰ ਆਪਣੇ ਦੋ ਬੱਚਿਆਂ ਦਾ ਪਿਤਾ ਦੱਸਿਆ ਸੀ। ਬ੍ਰੈਨਨ ਨੇ ਇਹ ਵੀ ਆਖਿਆ ਸੀ ਕਿ ਵਾਂਸ ਨੇ ਭਾਂਵੇਂ ਉਸ ਨੂੰ ਸ਼ਰੀਰਕ ਨੁਕਸਾਨ ਪਹੁੰਚਾਉਣ ਦੀ ਗੱਲ ਨਹੀ਼ਂ ਸੀ ਆਖੀ ਪਰ ਉਸ ਨੂੰ ਇਹ ਜ਼ਰੂਰ ਆਖਿਆ ਸੀ ਕਿ ਜੇ ਉਹ ਇਸ ਰਾਜ਼ ਨੂੰ ਬਾਹਰ ਲਿਆਵੇਗੀ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

You might also like More from author

Comments are closed.