Parvasi |Radio |Parvasi TV |Punjabi Newspaper |Youtube |Business Pages

ਮਹਾਂਮਾਰੀ ਵਿੱਚ ਚੋਣਾਂ ਕਰਵਾਉਣ ਲਈ ਸਿਰਫ 26 ਫੀ ਸਦੀ ਕੈਨੇਡੀਅਨਜ਼ ਰਾਜ਼ੀ : ਨੈਨੋਜ਼

Parvasi News, Canada
ਇੱਕ ਨਵੇਂ ਸਰਵੇਖਣ ਅਨੁਸਾਰ ਇਸ ਸਾਲ ਦੇ ਅੰਤ ਵਿੱਚ ਸਿਰਫ 26 ਫੀ ਸਦੀ ਕੈਨੇਡੀਅਨ ਫੈਡਰਲ ਚੋਣਾਂ ਕਰਵਾਉਣ ਦੇ ਹੱਕ ਵਿੱਚ ਹਨ। ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 37 ਫੀ ਸਦੀ ਕੈਨੇਡੀਅਨਜ਼ ਇਸ ਸਾਲ ਦੇ ਅੰਤ ਵਿੱਚ ਚੋਣਾਂ ਕਰਵਾਉਣ ਦੇ ਖਿਆਲ ਤੋਂ ਹੀ ਪਰੇਸ਼ਾਨ ਹਨ, 34 ਫੀ ਸਦੀ ਅਜੇ ਇਸ ਬਾਰੇ ਸਪਸ਼ਟ ਨਹੀਂ ਹਨ ਕਿ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ, 26 ਫੀ ਸਦੀ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਚੋਣਾਂ ਕਰਵਾਕੇ ਖੁਸ਼ ਹਨ। ਹਾਲਾਂਕਿ ਅਜੇ ਰਸਮੀ ਤੌਰ ਉੱਤੇ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਕਨਸੋਆਂ ਹਨ ਕਿ ਆਉਣ ਵਾਲੇ ਹਫਤਿਆਂ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਹ ਕਿਆਫੇ ਇਸ ਲਈ ਵੀ ਲਾਏ ਜਾ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਤਰ੍ਹਾਂ ਦੇ ਫੰਡਾਂ ਦੇ ਐਲਾਨ ਦੇ ਸਬੰਧ ਵਿੱਚ ਦੇਸ਼ ਭਰ ਦਾ ਦੌਰਾ ਕਰ ਰਹੇ ਹਨ।  ਹੈਮਿਲਟਨ, ਓਨਟਾਰੀਓ ਵਿੱਚ ਹਾਊਸਿੰਗ ਸਬੰਧੀ ਐਲਾਨ ਦੌਰਾਨ ਟਰੂਡੋ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਚੋਣਾਂ ਕਦੋਂ ਤੱਕ ਕਰਵਾਏ ਜਾਣ ਦੀ ਸੰਭਾਵਨਾ ਹੈ? ਉਨ੍ਹਾਂ ਸਵਾਲ ਨੂੰ ਟਾਲਦਿਆਂ ਆਖਿਆ ਕਿ ਫੰਡਾਂ ਦਾ ਐਲਾਨ ਕਰਨਾ ਤਾਂ ਬਾਹਰ ਨਿਕਲਣ ਤੇ ਕੈਨੇਡੀਅਨਜ਼ ਨਾਲ ਮੁਲਾਕਾਤ ਕਰਨ ਦਾ ਜ਼ਰੀਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਪਿਛਲਾ ਡੇਢ ਸਾਲ ਤਾਂ ਅਸੀਂ ਬਹੁਤਾ ਟਾਈਮ ਵਰਚੂਅਲੀ ਗੱਲਾਂ ਕਰਦਿਆਂ ਹੀ ਬਿਤਾਇਆ ਹੈ ਹੁਣ ਲੋਕਾਂ ਨਾਲ ਨਿਜੀ ਤੌਰ ਉੱਤੇ ਮਿਲ ਕੇ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਨਾ ਚੰਗਾ ਲੱਗਦਾ ਹੈ ਜੋ ਕੰਮ ਅਸੀਂ ਬੀਤੇ ਸਮੇਂ ਦੌਰਾਨ ਕੀਤਾ ਹੈ। ਫਿਰ ਵੀ ਜੇ ਮਹਾਂਮਾਰੀ ਵਿੱਚ ਚੋਣਾਂ ਹੁੰਦੀਆਂ ਵੀ ਹਨ ਤਾਂ 37 ਫੀ ਸਦੀ ਕੈਨੇਡੀਅਨਾਂ ਨੇ ਆਖਿਆ ਕਿ ਉਹ ਨਿਜੀ ਤੌਰ ਉੱਤੇ ਵੋਟਿੰਗ ਕਰਨ ਜਾਣ ਨਾਲੋਂ ਡਾਕ ਰਾਹੀਂ ਵੋਟਿੰਗ ਕਰਨ ਨੂੰ ਪਹਿਲ ਦੇਣਗੇ ਜਦਕਿ 24 ਫੀ ਸਦੀ ਨੇ ਆਖਿਆ ਕਿ ਉਹ ਖੁਦ ਜਾ ਕੇ ਵੋਟਿੰਗ ਕਰਨ ਨੂੰ ਬੁਰਾ ਨਹੀਂ ਸਮਝਦੇ, 26 ਫੀ ਸਦੀ ਕੈਨੇਡੀਅਨਜ਼ ਨੇ ਆਖਿਆ ਕਿ ਉਹ ਡਾਕ ਰਾਹੀਂ ਵੋਟਿੰਗ ਦੇ ਹੱਕ ਵਿੱਚ ਨਹੀਂ ਹਨ ਜਦਕਿ 11 ਫੀ ਸਦੀ ਨੇ ਆਖਿਆ ਕਿ ਉਹ ਕੁੱਝ ਹੱਦ ਤੱਕ ਇਸ ਲਈ ਰਾਜ਼ੀ ਨਹੀਂ।

You might also like More from author

Comments are closed.