Parvasi |Radio |Parvasi TV |Punjabi Newspaper |Youtube |Business Pages

ਇੱਕ ਵਾਰੀ ਮੁੜ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ!

ਮਹਾਂਮਾਰੀ ਦੌਰਾਨ ਕਰਵਾਈਆਂ ਗਈਆਂ ਚੋਣਾਂ ਵਿੱਚ ਇੱਕ ਵਾਰੀ ਮੁੜ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ। ਪਰ ਇਸ ਵਾਰੀ ਵੀ ਲਿਬਰਲ ਸੰਪੂਰਨ ਬਹੁਮਤ ਹਾਸਲ ਨਹੀਂ ਕਰ ਸਕੇ ਤੇ ਉਨ੍ਹਾਂ ਨੂੰ ਘੱਟ ਗਿਣਤੀ ਸਰਕਾਰ ਨਾਲ ਹੀ ਸਬਰ ਕਰਨਾ ਹੋਵੇਗਾ। ਕਈ ਹਲਕਿਆਂ ਵਿੱਚ ਲੋਕਾਂ ਵੱਲੋਂ ਲੰਮੀਆਂ ਲਾਈਨਾਂ ਲਾ ਕੇ ਵੋਟਿੰਗ ਵਿੱਚ ਹਿੱਸਾ ਲਿਆ ਗਿਆ। ਸ਼ੁਰੂਆਤੀ ਨਤੀਜਿਆਂ ਵਿੱਚ ਲਿਬਰਲਾਂ ਨੂੰ 157 ਸੀਟਾਂ ਹਾਸਲ ਹੋ ਚੁੱਕੀਆਂ ਸਨ। ਅੱਜ ਰਾਤ 338 ਫੈਡਰਲ ਹਲਕਿਆਂ ਵਿੱਚ ਵੋਟਾਂ ਪਈਆਂ। ਬਹੁਗਿਣਤੀ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 170 ਸੀਟਾਂ ਉੱਤੇ ਜਿੱਤ ਹਾਸਲ ਕਰਨ ਦੀ ਲੋੜ ਸੀ। ਇਸ ਦੌੜ ਵਿੱਚ ਦਾਖਲ ਹੋਣ ਸਮੇਂ ਲਿਬਰਲਾਂ ਕੋਲ 155 ਸੀਟਾਂ, ਕੰਜ਼ਰਵੇਟਿਵਾਂ ਕੋਲ 119 ਸੀਟਾਂ, ਬਲਾਕ ਕਿਊਬਿਕੁਆ ਕੋਲ 32 ਸੀਟਾਂ, ਐਨਡੀਪੀ ਕੋਲ 24 ਸੀਟਾਂ ਤੇ ਗ੍ਰੀਨ ਪਾਰਟੀ ਕੋਲ ਦੋ ਸੀਟਾਂ ਸਨ। ਇਸ ਤੋਂ ਇਲਾਵਾ ਪੰਜ ਆਜ਼ਾਦ ਐਮਪੀਜ਼ ਸਨ ਤੇ ਇੱਕ ਸੀਟ ਖਾਲੀ ਸੀ। ਨਤੀਜੇ ਐਲਾਨੇ ਜਾਣ ਸਮੇਂ ਸਾਰਿਆਂ ਦੀਆਂ ਅੱਖਾਂ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਉੱਤੇ ਲੱਗੀਆਂ ਹੋਈਆਂ ਸਨ। ਪਰ ਉਨ੍ਹਾਂ ਦੀ ਪਾਰਟੀ ਜਿਹੋ ਜਿਹੇ ਨਤੀਜੇ ਚਾਹੁੰਦੀ ਸੀ ਉਨ੍ਹਾਂ ਨੂੰ ਉਹ ਹਾਸਲ ਨਹੀਂ ਹੋ ਸਕੇ। ਹੋਰਨਾਂ ਪਾਰਟੀਆਂ ਵੱਲ ਜੇ ਝਾਤੀ ਮਾਰੀ ਜਾਵੇ ਤਾਂ ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲਾਂਸੇ਼ ਦੇ ਕੋਲ ਓਨੀਆਂ ਹੀ ਸੀਟਾਂ ਹਨ ਜਿੰਨੀਆਂ ਕਿ ਚੋਣਾਂ ਦਾ ਸੱਦਾ ਦਿੱਤੇ ਜਾਣ ਤੋਂ ਪਹਿਲਾਂ ਸਨ, ਐਨਡੀਪੀ ਆਗੂ ਜਗਮੀਤ ਸਿੰਘ ਨੂੰ ਮਿਲੀਆਂ ਵੋਟਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ ਤੇ ਇਸ ਹਿਸਾਬ ਨਾਲ ਤੀਜੀ ਪਾਰਟੀ ਦੀ ਥਾਂ ਲੈਣ ਲਈ ਦੋਵਾਂ ਪਾਰਟੀਆਂ ਵਿੱਚ ਬਰਾਬਰ ਦੀ ਟੱਕਰ ਚੱਲ ਰਹੀ ਹੈ। ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਤੇ ਪੀਪਲਜ਼ ਪਾਰਟੀ ਆਗੂ ਮੈਕਸਿਮ ਬਰਨੀਅਰ ਕੋਈ ਜਲਵਾ ਵਿਖਾਉਣ ਵਿੱਚ ਅਸਫਲ ਰਹੇ। ਮੁੱਢਲੇ ਨਤੀਜਿਆਂ ਦੇ ਹਿਸਾਬ ਨਾਲ ਲਿਬਰਲਾਂ ਨੂੰ ਇੱਕ ਵਾਰੀ ਮੁੜ ਘੱਟਗਿਣਤੀ ਸਰਕਾਰ ਹੀ ਬਣਾਉਣੀ ਹੋਵੇਗੀ ਤੇ ਆਪਣੇ ਬਿੱਲ ਪਾਸ ਕਰਵਾਉਣ ਲਈ ਦੂਜੀਆਂ ਪਾਰਟੀਆਂ ਦਾ ਸਹਾਰਾ ਲੈਣਾ ਹੋਵੇਗਾ।

You might also like More from author

Comments are closed.