Parvasi |Radio |Parvasi TV |Punjabi Newspaper |Youtube |Business Pages

ਲਾਕਡਾਊਨ ਤੋਂ ਬਚਣ ਦਾ ਸੱਭ ਤੋਂ ਵਧੀਆ ਰਾਹ ਹਨ ਵੈਕਸੀਨ ਪਾਸਪੋਰਟ : ਫੋਰਡ

ਪ੍ਰੀਮੀਅਰ ਡੱਗ ਫੋਰਡ ਨੇ ਕੋਵਿਡ-19 ਵੈਕਸੀਨ ਸਰਟੀਫਿਕੇਟਸ ਲਾਂਚ ਕੀਤੇ ਜਾਣ ਨੂੰ ਸਹੀ ਕਦਮ ਦੱਸਦਿਆਂ ਆਖਿਆ ਕਿ ਇਹ ਸਿਸਟਮ ਪ੍ਰੋਵਿੰਸ ਨੂੰ ਇੱਕ ਹੋਰ ਲਾਕਡਾਊਨ ਵਿੱਚ ਦਾਖਲ ਹੋਣ ਤੋਂ ਰੋਕੇਗਾ। ਵੈਕਸੀਨ ਸਰਟੀਫਿਕੇਟ ਸਿਸਟਮ ਲਾਗੂ ਹੋਣ ਤੋਂ ਕੁੱਝ ਘੰਟੇ ਬਾਅਦ ਹੀ ਬੁੱਧਵਾਰ ਸਵੇਰੇ ਇੱਕ ਨਿਊਜ਼ ਕਾਨਫਰੰਸ ਦੌਰਾਨ ਪ੍ਰੀਮੀਅਰ ਫੋਰਡ ਨੇ ਆਖਿਆ ਕਿ ਇਹ ਸਰਟੀਫਿਕੇਟ ਆਰਜ਼ੀ ਪਰ ਬਿਮਾਰੀ ਨਾਲ ਨਜਿੱਠਣ ਲਈ ਅਹਿਮ ਮਾਪਦੰਡ ਹਨ।ਓਨਟਾਰੀਓ ਦੇ ਨਵੇਂ ਵੈਕਸੀਨ ਸਰਟੀਫਿਕੇਟ ਸਿਸਟਮ ਤਹਿਤ ਲੋਕਾਂ ਨੂੰ ਰੈਸਟੋਰੈਂਟਸ, ਨਾਈਟਕਲੱਬਜ਼, ਸਿਨੇਮਾਜ਼, ਜਿੰਮਜ਼, ਸਪੋਰਟਸ ਫੈਸਿਲਿਟੀਜ਼ ਤੇ ਹੋਰਨਾਂ ਥਾਂਵਾਂ ਉੱਤੇ ਆਪਣੀ ਪੂਰੀ ਵੈਕਸੀਨੇਸ਼ਨ ਦਾ ਸਬੂਤ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਸਰਕਾਰੀ ਆਈਡੈਂਟੀਫਿਕੇਸ਼ਨ ਵੀ ਮੁਹੱਈਆ ਕਰਵਾਉਣੀ ਹੋਵੇਗੀ। ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਸਰਟੀਫਿਕੇਟ ਸਾਡੇ ਲਈ ਇਸ ਮਹਾਂਮਾਰੀ ਤੋਂ ਹਮੇਸ਼ਾਂ ਲਈ ਖਹਿੜਾ ਛੁਡਵਾਉਣ ਦਾ ਬਿਹਤਰ ਮੌਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਹ ਆਰਜ਼ੀ ਤੇ ਵਿਲੱਖਣ ਮਾਪਦੰਡ ਹਨ। ਸਾਨੂੰ ਇਨ੍ਹਾਂ ਸਰਟੀਫਿਕੇਟਸ ਦੀ ਵਰਤੋਂ ਦੀ ਸਾਰਾ ਦਿਨ ਨਹੀਂ ਸਗੋਂ ਕਦੇ ਹੀ ਲੋੜ ਪਵੇਗੀ। ਓਨਟਾਰੀਓ ਵਿੱਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ 85 ਫੀ ਸਦੀ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੱਗੀ ਹੋਈ ਹੈ ਤੇ 79 ਫੀ ਸਦੀ ਆਬਾਦੀ ਨੂੰ ਦੋਵੇਂ ਡੋਜ਼ਾਂ ਲੱਗੀਆਂ ਹੋਈਆਂ ਹਨ। ਫੋਰਡ ਨੇ ਮੰਨਿਆ ਕਿ ਪਹਿਲਾਂ ਉਹ ਇਸ ਸਰਟੀਫਿਕੇਟ ਸਬੰਧੀ ਮਾਪਦੰਡਾਂ ਨੂੰ ਲਾਗੂ ਕਰਨ ਤੋਂ ਹਿਚਕਿਚਾ ਰਹੇ ਸਨ ਪਰ ਉਨ੍ਹਾਂ ਆਖਿਆ ਕਿ ਸਿਹਤ ਮਾਹਿਰਾਂ ਤੇ ਪ੍ਰੋਵਿੰਸ ਦੇ ਮੈਡੀਕਲ ਆਫੀਸਰ ਆਫ ਹੈਲਥ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਰਾਜ਼ੀ ਕੀਤਾ। ਉਨ੍ਹਾਂ ਆਖਿਆ ਕਿ ਅਸੀਂ ਇੱਕ ਹੋਰ ਲਾਕਡਾਊਨ ਬਰਦਾਸ਼ਤ ਨਹੀਂ ਕਰ ਸਕਦੇ। ਫੋਰਡ ਨੇ ਆਖਿਆ ਕਿ ਜਿਹੜੇ ਕਾਰੋਬਾਰੀ ਅਦਾਰੇ ਤੇ ਲੋਕ ਇਸ ਸਰਟੀਫਿਕੇਟ ਪ੍ਰੋਗਰਾਮ ਨੂੰ ਨਹੀਂ ਮੰਨਣਗੇ ਤੇ ਜਿਹੜੇ ਝੂਠੀ ਜਾਣਕਾਰੀ ਦੇਣਗੇ ਉਨ੍ਹਾਂ ਨੂੰ ਜੁਰਮਾਨਾ ਹੋਵੇਗਾ।

You might also like More from author

Comments are closed.