ਪੰਜਾਬ ’ਚ ਰੇਲ ਰੋਕੋ ਅੰਦੋਲਨ ਦਾ ਅੱਜ ਤੀਜਾ ਤੇ ਆਖਰੀ ਦਿਨ


ਪੰਜਾਬ ’ਚ ਰੇਲ ਰੋਕੋ ਅੰਦੋਲਨ ਦਾ ਅੱਜ ਤੀਜਾ ਤੇ ਆਖਰੀ ਦਿਨ

ਕਿਸਾਨ ਜਥੇਬੰਦੀਆਂ ਨੇ 4 ਵਜੇ ਰੇਲਵੇ ਲਾਈਨਾਂ ਤੋਂ ਉਠਣ ਦਾ ਕੀਤਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ 19 ਕਿਸਾਨ ਜਥੇਬੰਦੀਆਂ ਵੱਲੋਂ ਮੁਆਵਜ਼ੇ ਦੀ ਮੰਗ, ਐਮਐਸਪੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਅੰਦੋਲਨ ਦਾ ਅੱਜ ਤੀਜਾ ਤੇ ਆਖਰੀ ਦਿਨ ਹੈ। ਸਮੁੱਚੇ ਪੰਜਾਬ ਅੰਦਰ ਰੇਲਵੇ ਲਾਈਨਾ ’ਤੇ ਕਿਸਾਨ ਬੈਠੇ ਹਨ ਜਦਕਿ ਅੱਜ ਹਰਿਆਣਾ ਵਿਚ ਵੀ ਰੇਲ ਰੋਕੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅੰਬਾਲਾ ’ਚ ਕਿਸਾਨਾਂ ਨੂੰ ਰੇਲਵੇ ਟਰੈਕਾਂ ’ਤੇ ਬੈਠਣ ਤੋਂ ਰੋਕਿਆ ਜਾਂ ਪ੍ਰੇਸ਼ਾਨ ਕੀਤਾ ਗਿਆ ਤਾਂ ਪ੍ਰਦਰਸ਼ਨ ਨੂੰ ਲੰਬਾ ਖਿੱਚਿਆ ਜਾ ਸਕਦਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਨੇ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸ਼ਹਿਰਾ ਮਨਾਉਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸੇ ਦਿਨ ਦੇਸ਼ ਭਰ ’ਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਉਧਰ ਸਮੂਹ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਪ੍ਰਦਰਸ਼ਨ ਦੇ ਆਖਰੀ ਦਿਨ 4 ਵਜੇ ਸਾਰੇ ਰੇਲਵੇ ਟਰੈਕਾਂ ਤੋਂ ਉਠਣ ਦਾ ਫੈਸਲਾ ਵੀ ਕੀਤਾ ਹੈ। ਰੇਲਵੇ ਟਰੈਕ ਜਾਮ ਹੋਣ ਤੋਂ ਬਾਅਦ ਅੰਬਾਲਾ ਤੋਂ ਅੰਮਿ੍ਰਤਸਰ, ਪਠਾਨਕੋਟ ਤੋਂ ਅੰਮਿ੍ਰਤਸਰ ਅਤੇ ਪੰਜਾਬ ਤੋਂ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੋਂ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਪਟਿਆਲਾ ਆਦਿ  ਸਭ ਰੂਟ ਪੂਰੀ ਤਰ੍ਹਾਂ ਠੱਪ ਹਨ ਜਿਸ ਦੇ ਚਲਦਿਆਂ ਅੱਜ 203 ਟਰੇਨਾਂ ਪ੍ਰਭਾਵਿਤ ਹੋਈਆਂ ਅਤੇ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਧਰ ਕਿਸਾਨਾਂ ਦੀ ਇਕ ਵੱਡੀ ਜਥੇਬੰਦੀ ਨੇ ਪੰਜਾਬ ਦੇ ਟੋਲ ਪਲਾਜ਼ਿਆਂ ’ਤੇ ਵੀ ਕਬਜ਼ਾ ਕਰ ਲਿਆ। ਅੰਮਿ੍ਰਤਸਰ ’ਚ ਟੋਲ ਪਲਾਜ਼ਾ ਸਟਾਫ਼ ਅਤੇ ਕਿਸਾਨਾਂ ਦਰਮਿਆਨ ਝੜਪ ਹੋਈ ਅਤੇ ਕਿਸਾਨ ਟੋਲਪਲਾਜ਼ਾ ਬੰਦ ਕਰਵਾਉਣ ’ਤੇ ਅੜ ਗਏ ਹਨ। ਰੋਪੜ ਜ਼ਿਲ੍ਹੇ ਦੇ ਸੋਲਖੀਆਂ ਟੋਲਪਲਾਜ਼ੇ ’ਤੇ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠ ਗਏ ਹਨ।