ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ


ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਡਰੱਗ ਤਸਕਰੀ ਦੇ ਮਾਮਲੇ ’ਚ ਖਹਿਰਾ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ
ਜਲਾਲਾਬਾਦ/ਬਿਊਰੋ ਨਿਊਜ਼ : ਡਰੱਗ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਜਲਾਲਾਬਾਦ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਕੋਰਟ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਇਸ ਮੌਕੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਦੇ ਸਮਰਥਨ ਵਿਚ ਕੋਰਟ ਬਾਹਰ ਮੌਜੂਦ ਰਹੀ। ਜਦਕਿ ਇਸ ਤੋਂ ਪਹਿਲਾਂ ਐਸਆਈਟੀ ਨੇ ਸੁਖਪਾਲ ਸਿੰਘ ਖਹਿਰਾ ਖਿਲਾਫ ਸਬੂਤ ਹੋਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।  ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਐਸਆਈਟੀ ਦੇ ਹੱਥ ਸਬੂਤ ਲੱਗੇ ਹਨ ਜੋ ਸੁਖਪਾਲ ਸਿੰਘ ਖਹਿਰਾ ਅਤੇ ਤਸਕਰ ਗੁਰਦੇਵ ਸਿੰਘ ਦੇ ਸਬੰਧਾਂ ਨੂੰ ਉਜਾਗਰ ਕਰਦੇ ਹਨ। ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਦੇ ਲਈ ਫਰੀਦਕੋਟ ਆਈਜੀ ਅਤੇ ਫਿਰੋਜ਼ਪੁਰ ਡੀਆਈਜੀ ਨੂੰ ਫੋਨ ਕੀਤੇ ਸਨ। ਇਹੀ ਕਾਰਨ ਹੈ ਕਿ ਪੁਲਿਸ ਖਹਿਰਾ ਦੇ ਫੋਨ ਰਿਕਵਰ ਕਰਨਾ ਚਾਹੁੰਦੀ ਹੈ ਅਤੇ ਪੁਲਿਸ ਨੇ ਲੰਘੀ ਪੇਸ਼ੀ ਦੌਰਾਨ ਇਸੇ ਆਧਾਰ ’ਤੇ ਖਹਿਰਾ ਦਾ ਰਿਮਾਂਡ ਹਾਸਲ ਕੀਤਾ ਸੀ। ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਦਰਮਿਆਨ ’ਤੇ ਫੋਨ ’ਤੇ ਗੱਲਬਾਤ ਹੁੰਦੀ ਸੀ। ਸੁਖਪਾਲ ਖਹਿਰਾ ਕੋਲ 3 ਫੋਨ ਸਨ ਅਤੇ ਪੁਲਿਸ ਇਨ੍ਹਾਂ ਮੋਬਾਇਲ ਫੋਨਾਂ ਨੂੰ ਹੀ ਰਿਕਵਰ ਕਰਨਾ ਚਾਹੁੰਦੀ ਹੈ। ਜਾਂਚ ਕਮੇਟੀ ਨੇ ਸੁਖਪਾਲ ਖਹਿਰਾ ਦੀ ਕਾਲ ਰਿਕਾਰਡਿੰਗ ਹਾਸਲ ਕੀਤੀ, ਜਿਸ ਤੋਂ ਸਾਫ਼ ਹੋਇਆ ਹੈ ਕਿ ਸੁਖਪਾਲ ਖਹਿਰਾ ਚਰਨਜੀਤ ਕੌਰ ਨਾਮੀ ਮਹਿਲਾ ਰਾਹੀਂ ਡਰੱਗ ਮਾਮਲੇ ਦੇ ਦੋਸ਼ੀ ਗੁਰਦੇਵ ਸਿੰਘ ਨਾਲ ਗੱਲ ਕਰਦਾ ਸੀ। ਚਰਨਜੀਤ ਕੌਰ ਡਰੱਗ ਤਸਕਰ ਗੁਰਦੇਵ ਸਿੰਘ ਦੀ ਭੈਣ ਹੈ ਜੋ ਲੰਦਨ ’ਚ ਰਹਿੰਦੀ ਹੈ।