ਵਰਲਡ ਕ੍ਰਿਕਟ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਮਿਲੇ 33 ਕਰੋੜ ਰੁਪਏ


ਵਰਲਡ ਕ੍ਰਿਕਟ ਚੈਂਪੀਅਨ ਆਸਟ੍ਰੇਲੀਆ ਦੀ ਟੀਮ ਨੂੰ ਮਿਲੇ 33 ਕਰੋੜ ਰੁਪਏ

ਭਾਰਤ ਨੂੰ ਹਰਾ ਕੇ ਆਸਟਰੇਲੀਆ ਬਣਿਆ ਹੈ ਵਰਲਡ ਕ੍ਰਿਕਟ ਚੈਂਪੀਅਨ

ਨਵੀਂ ਦਿੱਲੀ/ਬਿਊਰੋ ਨਿਊਜ਼

 

ਆਸਟਰੇਲੀਆ ਦੀ ਕਿ੍ਰਕਟ ਟੀਮ ਨੇ ਲੰਘੇ ਕੱਲ੍ਹ ਐਤਵਾਰ ਨੂੰ ਭਾਰਤੀ ਟੀਮ ਨੂੰ ਹਰਾ ਕੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਹੈ, ਜਿਸ ਨਾਲ ਆਸਟਰੇਲੀਆ ’ਚ ਜਸ਼ਨ ਦਾ ਮਾਹੌਲ ਰਿਹਾ ਅਤੇ ਭਾਰਤ ਵਿਚ ਕ੍ਰਿਕਟ ਖੇਡ ਨੂੰ ਚਾਹੁਣ ਵਾਲਿਆਂ ਵਿਚ ਨਿਰਾਸ਼ਾ ਦੇਖੀ ਗਈ। ਇਹ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਹੋਰ ਖਿਡਾਰੀ ਭਾਵੁਕ ਵੀ ਹੋ ਗਏ ਸਨ। ਇਹ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟਰੇਲੀਆ ਦੀ ਟੀਮ ਨੂੰ 33 ਕਰੋੜ ਰੁਪਏ ਮਿਲੇ ਹਨ ਅਤੇ ਦੂਜੇ ਨੰਬਰ ’ਤੇ ਰਹਿਣ ਵਾਲੀ ਭਾਰਤੀ ਟੀਮ ਨੂੰ 16 ਕਰੋੜ 65 ਲੱਖ ਰੁਪਏ ਮਿਲੇ ਹਨ। ਇਸ ਕ੍ਰਿਕਟ ਕੱਪ ਦੌਰਾਨ ਭਾਰਤੀ ਕਿ੍ਰਕਟ ਖਿਡਾਰੀ ਵਿਰਾਟ ਕੋਹਲੀ  ਨੇ ਸਭ ਤੋਂ ਵੱਧ 765 ਦੋੜਾਂ ਬਣਾਈਆਂ ਅਤੇ ਉਹ ਮੈਨ ਆਫ ਟੂਰਮਾਨੈਂਟ ਵੀ ਰਹੇ। ਆਸਟਰੇਲੀਆ ਨੇ ਛੇਵੀਂ ਵਾਰ ਵਿਸ਼ਵ ਕਿ੍ਰਕਟ ਕੱਪ ਜਿੱਤਿਆ ਹੈ ਅਤੇ ਭਾਰਤ ਦੀ ਟੀਮ ਵੀ ਦੋ ਵਾਰ ਕ੍ਰਿਕਟ ਵਿਸ਼ਵ ਕੱਪ ਜਿੱਤ ਚੁੱਕੀ ਹੈ। ਧਿਆਨ ਰਹੇ ਕਿ ਭਾਰਤ ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਕਪਿਲ ਦੇਵ ਦੀ ਕਪਤਾਨੀ ਹੇਠ ਅਤੇ ਦੂਜੀ ਵਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਹੈ। ਇਸ ਵਾਰ ਭਾਰਤ ਨੂੰ ਆਸ ਜ਼ਰੂਰ ਸੀ, ਪਰ ਆਸਟਰੇਲੀਆ ਦੇ ਖਿਡਾਰੀਆਂ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਵਿਸ਼ਵ ਕੱਪ ਜਿੱਤ ਲਿਆ। ਇਸ ਵਿਸ਼ਵ ਕੱਪ ਦਾ ਉਦਘਾਟਨੀ ਮੈਚ 5 ਅਕਤੂਬਰ ਨੂੰ ਗੁਜਰਾਤ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ ਸੀ ਅਤੇ ਲੰਘੇ ਕੱਲ੍ਹ ਫਾਈਨਲ ਮੈਚ ਵੀ ਇਸੇ ਸਟੇਡੀਅਮ ਵਿਚ ਹੀ ਖੇਡਿਆ ਗਿਆ। ਇਸ ਫਾਈਨਲ ਮੈਚ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਹੋਰ ਸਿਆਸੀ ਆਗੂ ਅਤੇ ਫਿਲਮੀ ਸਿਤਾਰੇ ਪਹੁੰਚੇ ਹੋਏ ਸਨ।