ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀ ਕਾਬਲੀਅਤ ਨੂੰ ਨਿਖਾਰੇਗੀ ਪੰਜਾਬ ਸਰਕਾਰ


ਪੰਜ ਹਜ਼ਾਰ ਬੱਚਿਆਂ ਦੀ ਚੋਣ ਕਰਕੇ ਜੇਈਈ ਅਤੇ ਨੀਟ ਸਮੇਤ ਹੋਰ ਇਮਤਿਹਾਨਾਂ ਦੀ ਕਰਵਾਈ ਜਾਵੇਗੀ ਤਿਆਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੁੱਝ ਕਰ ਦਿਖਾਉਣ ਦੀ ਹੱਲਾਸ਼ੇਰੀ ਦੇਣ ਲਈ ਇਕ ਵੱਡਾ ਐਲਾਨ ਕੀਤਾ ਹੈ। ਮਾਨ ਸਰਕਾਰ ਪੜ੍ਹਾਈ ’ਚ ਹੁਸ਼ਿਆਰ ਅਤੇ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਭਰ ਦੇ ਸਕੂਲਾਂ ਵਿਚ ‘ਸੁਪਰ 5000’ ਬੱਚਿਆਂ ਦੀ ਚੋਣ ਕਰੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚੋਂ ਚੁਣੇ ਜਾਣਗੇ ‘ਸੁਪਰ 5000’ ਬੱਚੇ। ਇਨ੍ਹਾਂ ਬੱਚਿਆਂ ਦੀ ਚੋਣ ਪੰਜਾਬ ਦੇ 2000 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਕੀਤੀ ਜਾਵੇਗੀ। ਇਨ੍ਹਾਂ ਹੋਣਹਾਰ ਬੱਚਿਆਂ ਨੂੰ ਐਕਸਟਰਾ ਕੋਚਿੰਗ ਦੇ ਕੇ ਇਨ੍ਹਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਿਆ ਜਾਵੇਗਾ। ਜਿਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਜੇਈਈ, ਨੀਟ ਸਮੇਤ ਹੋਰ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਈ ਜਾਵੇਗੀ। ਉਧਰ ਭਗਵੰਤ ਮਾਨ ਸਰਕਾਰ ਨੇ 11ਵੀਂ ਕਲਾਸ ਦੀਆਂ 8 ਵਿਦਿਆਰਥਣਾਂ ਨੂੰ ਜਾਪਾਨ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਦਿਆਰਥਣਾਂ ’ਚ ਹਰਮਨਪ੍ਰੀਤ ਕੌਰ, ਜਸਮੀਤ ਕੌਰ, ਸੰਜਨਾ, ਸਪਨਾ, ਨਿਸ਼ਾ ਰਾਣੀ, ਗੁਰਵਿੰਦਰ ਕੌਰ, ਦੀਪਿਕਾ, ਖਵਾਇਸ਼ ਦਾ ਨਾਮ ਸ਼ਾਮਲ ਹੈ। ਇਹ ਵਿਦਿਆਰਥਣਾਂ 10 ਤੋਂ 16 ਦਸੰਬਰ ਤੱਕ ਜਪਾਨ ਵਿਖੇ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਣਗੀਆਂ।