ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ


ਕਿਹਾ : ਅਸੀਂ ਭਰਤੀ ਪ੍ਰਕਿਰਿਆ ਨੂੰ ਬਣਾਇਆ ਹੈ ਪਾਰਦਰਸ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਰੁਜ਼ਗਾਰ ਮੇਲੇ ਤਹਿਤ ਹਾਲ ਹੀ ਵਿੱਚ ਭਰਤੀ ਕੀਤੇ ਇੱਕ ਲੱਖ ਤੋਂ ਵੱਧ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ। ਵੀਡੀਓ ਕਾਨਫਰੰਸ ਰਾਹੀਂ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਧਾਨੀ ਦਿੱਲੀ ਵਿੱਚ ਕਰਮਯੋਗੀ ਭਵਨ ਕੰਪਲੈਕਸ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ। ਇਸ ਕੰਪਲੈਕਸ ਦਾ ਉਦੇਸ਼ ਮਿਸ਼ਨ ਕਰਮਯੋਗੀ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚਕਾਰ ਤਾਲਮੇਲ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਨਵ-ਨਿਯੁਕਤ ਨੌਜਵਾਨ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਕਿ ਮਾਲ ਵਿਭਾਗ, ਗ੍ਰਹਿ ਮੰਤਰਾਲੇ, ਉਚੇਰੀ ਸਿੱਖਿਆ ਵਿਭਾਗ, ਪਰਮਾਣੂ ਊਰਜਾ ਵਿਭਾਗ, ਰੱਖਿਆ ਮੰਤਰਾਲੇ, ਵਿੱਤੀ ਸੇਵਾਵਾਂ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਵੱਖ-ਵੱਖ ਆਸਾਮੀਆਂ ’ਤੇ ਭਰਤੀ ਹੋ ਕੇ ਸਰਕਾਰ ਵਿੱਚ ਸ਼ਾਮਲ ਹੁੰਦੇ ਹਨ। ਪੀਐਮ ਮੋਦੀ ਨੇ ਕਿਹਾ ਕਿ ਅੱਜ ਹਰ ਨੌਜਵਾਨ ਜਾਣਦਾ ਹੈ ਕਿ ਜੇਕਰ ਸਖਤ ਮਿਹਨਤ ਕੀਤੀ ਜਾਵੇ ਤਾਂ ਉਹ ਆਪਣੀ ਜਗ੍ਹਾ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਹੋਣ ਤੋਂ ਲੈ ਕੇ ਨਿਯੁਕਤੀ ਪੱਤਰ ਦੇਣ ਤੱਕ ਬਹੁਤ ਲੰਬਾ ਸਮਾਂ ਲੱਗ ਜਾਂਦਾ ਸੀ। ਇਸ ਦੇਰੀ ਦਾ ਫਾਇਦਾ ਉਠਾ ਕੇ ਉਸ ਦੌਰਾਨ ਰਿਸ਼ਵਤ ਦਾ ਖੇਲ ਵੀ ਜੰਮ ਕੇ ਹੁੰਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਵਿਚ ਭਰਤੀ ਦੀ ਪ੍ਰਕਿਰਿਆ ਨੂੰ ਹੁਣ ਪੂਰੀ ਤਰ੍ਹਾਂ ਪਾਰਦਰਸ਼ੀ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਇਹ 12ਵਾਂ ਰੋਜ਼ਗਾਰ ਮੇਲਾ ਸੀ।