ਨਿਤੀਸ਼ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ - ਵਿਰੋਧੀ ਧਿਰ ਨੇ ਕੀਤਾ ਵਾਕ ਆਊਟ


ਪਟਨਾ/ਬਿਊਰੋ ਨਿਊਜ਼
ਬਿਹਾਰ ਵਿਧਾਨ ਸਭਾ ਵਿਚ ਅੱਜ ਸੋਮਵਾਰ ਨੂੰ ਨਿਤੀਸ਼ ਸਰਕਾਰ ਨੇ ਫਲੋਰ ਟੈਸਟ ਪਾਸ ਕਰ ਲਿਆ ਹੈ ਅਤੇ ਵੋਟਿੰਗ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਵਾਕ ਆਊਟ ਕਰ ਦਿੱਤਾ ਸੀ। ਸੱਤਾ ਪੱਖ ਦੀ ਮੰਗ ’ਤੇ ਵੋਟਿੰਗ ਕਰਵਾਈ ਗਈ ਅਤੇ ਇਸਦੇ ਸਮਰਥਨ ਵਿਚ 129 ਵੋਟਾਂ ਪਈਆਂ। ਇਸ ਤੋਂ ਪਹਿਲਾਂ ਚਰਚਾ ਦੌਰਾਨ ਸਦਨ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਜਿਉਂ ਹੀ ਬੋਲਣ ਲਈ ਖੜ੍ਹੇ ਹੋਏ ਤਾਂ ਰਾਸ਼ਟਰੀ ਜਨਤਾ ਦਲ ਦੇ ਵਿਧਾਇਕਾਂ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਗੁੱਸੇ ਵਿਚ ਆਏ ਨਿਤੀਸ਼ ਕੁਮਾਰ ਨੇ ਕਿਹਾ ਕਿ ਲੋਕ ਮੈਨੂੰ ਸੁਣਨਾ ਨਹੀਂ ਚਾਹੁੰਦੇ ਤਾਂ ਵੋਟਿੰਗ ਕਰਵਾਈ ਜਾਵੇ। ਨਿਤੀਸ਼ ਨੇ ਤੇਜਸਵੀ ਯਾਦਵ ਦੇ ਮਾਤਾ-ਪਿਤਾ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੇ ਸ਼ਾਸਨ ਦੌਰਾਨ ਜੰਗਲਰਾਜ ਵੀ ਚੇਤੇ ਕਰਾਇਆ। ਜ਼ਿਕਰਯੋਗ ਹੈ ਕਿ ਬਿਹਾਰ ’ਚ ਕੁੱਲ 243 ਵਿਧਾਨ ਸਭਾ ਸੀਟਾਂ ਹਨ ਅਤੇ ਨਿਤੀਸ਼ ਕੁਮਾਰ ਨੂੰ ਭਰੋਸੇ ਦਾ ਵੋਟ ਜਿੱਤਣ ਲਈ 122 ਵੋਟਾਂ ਦੀ ਲੋੜ ਸੀ। ਜਦੋਂ ਕਿ ਉਨ੍ਹਾਂ ਨੂੰ 129 ਵੋਟਾਂ ਪਈਆਂ ਅਤੇ ਉਨ੍ਹਾਂ ਨੇ ਭਰੋਸੇ ਦਾ ਵੋਟ ਜਿੱਤ ਲਿਆ ਹੈ।