ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੂੰ ਕਮੇਟੀ ਮੈਂਬਰ ਨਿਯੁਕਤ ਕਰਨ ’ਤੇ ਉਠੇ ਸਵਾਲ


ਚੰਦੂਮਾਜਰਾ ਬੋਲੇ : ਕਾਂਗਰਸ ਪ੍ਰਧਾਨ ਭਗੌੜਿਆਂ ਨੂੰ ਦੇ ਰਹੇ ਨੇ ਥਾਪੜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਗਾਮੀ ਨਗਰ ਨਿਗਮ ਚੋਣਾਂ ਲਈ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਅੰਮਿ੍ਰਤਸਰ ਲਈ ਪੰਜ-ਪੰਜ ਮੈਂਬਰੀ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਲੁਧਿਆਣਾ ਲਈ ਗਠਿਤ ਕੀਤੀ ਗਈ ਕਮੇਟੀ ਵਿਚ ਰਾਜਪੁਰਾ ਤੋਂ ਸਾਬਕਾ ਵਿਧਾਇਕ ਰਹੇ ਹਰਦਿਆਲ ਸਿੰਘ ਕੰਬੋਜ ਦੇ ਨਾਲ-ਨਾਲ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਰਵਨੀਤ ਬਿੱਟੂ, ਵਿਜੇਇੰਦਰ ਸਿੰਗਲਾ ਅਤੇ ਸੁਖਵਿੰਦਰ ਡੈਨੀ ਸ਼ਾਮਲ ਹਨ। ਇਸ ਕਮੇਟੀ ਵਿਚ ਸ਼ਾਮਲ ਹਰਦਿਆਲ ਸਿੰਘ ਕੰਬੋਜ ਦੀ ਨਿਯੁਕਤੀ ’ਤੇ ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਬੀਤੇ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਕਾਂਗਰਸ ਪ੍ਰਧਾਨ ਭਗੌੜਿਆਂ ਨੂੰ ਥਾਪੜਾ ਦੇ ਰਹੇ ਹਨ। ਉਧਰ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਰਜਵਾੜਿਆਂ ਦੇ ਹੱਕ ਵਿਚ ਖੜ੍ਹੀ ਹੈ। ਕਾਂਗਰਸ ਪਾਰਟੀ ਨੇ ਮੁੜ ਉਸ ਵਿਅਕਤੀ ਨੂੰ ਤਾਕਤ ਦੇਣ ਦੀ ਕੋਸ਼ਿਸ ਕੀਤੀ ਜੋ ਪਹਿਲਾਂ ਹੀ ਵਿਵਾਦਾਂ ਵਿਚ ਹੈ। ਧਿਆਨ ਰਹੇ ਕੁੱਝ ਦਿਨ ਰਾਜਪੁਰਾ ਦੇ ਇਕ ਪੱਤਰਕਾਰ ਨੇ ਆਤਮ ਹੱਤਿਆ ਕਰ ਲਈ ਸੀ। ਸੂਸਾਈਡ ਨੋਟ ਵਿਚ ਪੱਤਰਕਾਰ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ’ਤੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਆਰੋਪ ਲਗਾਏ ਸਨ ਅਤੇ ਸਾਬਕਾ ਵਿਧਾਇਕ ਖਿਲਾਫ਼ ਇਸ ਮਾਮਲੇ ’ਚ ਕੇਸ ਵੀ ਦਰਜ ਕੀਤਾ ਹੋਇਆ ਹੈ।