ਦਿੱਲੀ ਸਮੇਤ ਭਾਰਤ ਦੇ ਪੰਜ ਰਾਜਾਂ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ


ਰਿਕਟਰ ਪੈਮਾਨ ’ਤੇ ਭੂਚਾਲ ਦੀ ਤੀਬਰਤਾ 5.8 ਨਾਪੀ ਗਈ ਦਿੱਲੀ/ਬਿਊਰੋ ਨਿਊਜ਼ : ਦਿੱਲੀ ਐਨਸੀਆਰ ਸਮੇਤ ਅੱਜ ਮੰਗਲਵਾਰ ਨੂੰ ਭਾਰਤ ਦੇ ਪੰਜ ਰਾਜਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਦੁਪਹਿਰੇ 2 ਵਜ ਕੇ 28 ਮਿੰਟ ’ਤੇ ਮਹਿਸੂਸ ਕੀਤੇ ਗਏ ਅਤੇ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.8 ਨਾਪੀ ਗਈ। 30 ਸੈਕਿੰਡ ਤੱਕ ਆਏ ਇਸ ਭੂਚਾਲ ਦਾ ਕੇਂਦਰ ਬਿੰਦੂ ਨੇਪਾਲ ਦੇ ਕਾਲਿਕਾ ਤੋਂ 12 ਕਿਲੋਮੀਟਰ ਦੂਰ ਦੱਸਿਆ ਗਿਆ ਹੈ। ਦਿੱਲੀ-ਐਨਸੀਆਰ ਤੋਂ ਇਲਾਵਾ ਉਤਰਾਖੰਡ, ਬਿਹਾਰ, ਉਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਇਲਾਵਾ ਚੀਨ ਦੇ ਵੀ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਇੰਨੇ ਜਬਰਦਸਤ ਸਨ ਕਿ ਡਰਦੇ ਮਾਰੇ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਆ ਗਏ। ਨਵੇਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜਧਾਨੀ ’ਚ ਆਏ ਭੂਚਾਲ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾ 5 ਜਨਵਰੀ ਨੂੰ ਦਿੱਲੀ-ਐਨਸੀਆਰ ਅਤੇ ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਅਨੁਸਾਰ ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.9 ਦੱਸੀ ਗਈ ਸੀ ਅਤੇ ਇਸ ਭੂਚਾਲ ਦਾ ਕੇਂਦਰ ਬਿੰਦੂ ਅਫਗਾਨਿਸਤਾਨ ਦੇ ਫੈਜਾਬਾਦ ਤੋਂ 79 ਕਿਲੋਮੀਟਰ ਦੂਰ ਹਿੰਦੂਕੁਸ਼ ਇਲਾਕਾ ਸੀ।