ਭਾਰੀ ਹੰਗਾਮੇ ਦੇ ਚਲਦਿਆਂ ਅੱਜ ਫਿਰ ਟਲੀ ਦਿੱਲੀ ਮੇਅਰ ਦੀ ਚੋਣ


ਐਮਸੀਡੀ ਹੈਡਕੁਆਰਟਰ ’ਚ ਆਪ ਅਤੇ ਭਾਜਪਾ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਅੱਜ ਫਿਰ ਹੰਗਾਮੇ ਦੇ ਚਲਦਿਆਂ ਟਲ ਗਈ। ਸਭ ਤੋਂ ਪਹਿਲਾਂ 10 ਮਨੋਨੀਤ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਕੌਂਸਲਰਾਂ ਨੇ ਵੀ ਜੈ ਸ੍ਰੀਰਾਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਵੋਟਿੰਗ ਸ਼ੁਰੂ ਹੁੰਦਿਆਂ ਹੀ ਸਿਵਿਕ ਸੈਂਟਰ ਅਤੇ ਐਮਸੀਡੀ ਦਫਤਰ ’ਚ ਹੰਗਾਮਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਭਾਰੀ ਹੰਗਾਮੇ ਦੇ ਚਲਦਿਆਂ ਸਦਨ ਨੂੰ ਅਣਮਿੱਥੇ ਸਮੇਂ ਲਈ ਮਲਤਵੀ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਮੇਅਰ ਅਹੁਦੇ ਲਈ ਸ਼ੈਲੀ ਓਬਰਾਏ ਨੂੰ ਅਤੇ ਭਾਰਤੀ ਜਨਤਾ ਪਾਰਟੀ ਨੇ ਰੇਖਾ ਗੁਪਤਾ ਨੂੰ ਮੈਦਾਨ ’ਚ ਉਤਾਰਿਆ ਹੈ। ਅਜਿਹੇ ’ਚ ਰਾਜਧਾਨੀ ਦਿੱਲੀ ਨੂੰ ਮਹਿਲਾ ਮੇਅਰ ਮਿਲਣਾ ਤੈਅ ਹੈ। ਦਿੱਲੀ ਨਗਰ ਨਿਗਮ ਚੋਣਾਂ ਤੋਂ ਬਾਅਦ ਸਦਨ ਦੀ ਪਹਿਲੀ ਬੈਠਕ ਲੰਘੀ 6 ਜਨਵਰੀ ਨੂੰ ਹੋਈ ਸੀ ਪ੍ਰੰਤੂ ਹੰਗਾਮੇ ਕਾਰਨ ਉਸ ਦਿਨ ਵੀ ਮੇਅਰ ਦੀ ਚੋਣ ਨਹੀਂ ਸੀ ਹੋ ਸਕੀ ਅਤੇ ਅੱਜ ਵੀ ਹੰਗਾਮੇ ਕਾਰਨ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਨਹੀਂ ਹੋ ਸਕੀ। ਉਧਰ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਨੇ ਦਾਅਵਾ ਕੀਤਾ ਹੈ ਕਿ ਦਿੱਲੀ ’ਚ ਮੇਅਰ ਤਾਂ ਭਾਜਪਾ ਦਾ ਹੀ ਬਣੇਗਾ।