ਮਨੀਸ਼ ਸਿਸੋਦੀਆ ਦਾ ਰਿਮਾਂਡ 22 ਮਾਰਚ ਤੱਕ ਵਧਿਆ


ਸ਼ਰਾਬ ਨੀਤੀ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹਨ ਸਿਸੋਦੀਆ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਅਦਾਲਤ ਨੇ ਅੱਜ ਮਨੀਸ਼ ਸਿਸੋਦੀਆ ਨੂੰ 22 ਮਾਰਚ ਤੱਕ ਈਡੀ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ ਅਤੇ ਸਿਸੋਦੀਆ ਹੁਣ 22 ਮਾਰਚ ਤੱਕ ਜੇਲ੍ਹ ਅੰਦਰ ਹੀ ਰਹਿਣਗੇ। ਸਿਸੋਦੀਆ ਦੀ ਹਿਰਾਸਤ ਅੱਜ ਖਤਮ ਹੋ ਰਹੀ ਸੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਕੋਲੋਂ 7 ਦਿਨ ਦਾ ਰਿਮਾਂਡ ਮੰਗਿਆ ਸੀ ਪ੍ਰੰਤੂ ਅਦਾਲਤ ਨੇ 5 ਦਿਨ ਦਾ ਰਿਮਾਂਡ ਵਧਾਇਆ। ਇਸ ਤੋਂ ਪਹਿਲਾਂ ਈਡੀ ਨੇ ਅਦਾਲਤ ’ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਜੇਕਰ ਸਿਸੋਦੀਆ ਦਾ ਰਿਮਾਂਡ ਨਾ ਵਧਿਆ ਤਾਂ ਹੁਣ ਤੱਕ ਜੋ ਵੀ ਜਾਂਚ ਕੀਤੀ ਗਈ ਉਹ ਸਭ ਬੇਕਾਰ ਹੋ ਜਾਵੇਗੀ। ਉਧਰ ਸਿਸੋਦੀਆ ਦੇ ਵਕੀਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਪੁੱਛਗਿੱਛ ਦੇ ਨਾਂ ’ਤੇ ਏਜੰਸੀ ਉਨ੍ਹਾਂ ਨੂੰ ਸਿਰਫ਼ ਇਧਰ-ਉਧਰ ਹੀ ਬਿਠਾਉਂਦੀ ਰਹਿੰਦੀ ਹੈ ਅਤੇ 7 ਦਿਨਾਂ ’ਚ ਸਿਰਫ਼ 11 ਘੰਟੇ ਹੀ ਪੁੱਛਗਿੱਛ ਕੀਤੀ ਗਈ ਹੈ। ਇਸ ਜਵਾਬ ’ਚ ਈਡੀ ਨੇ ਕਿਹਾ ਕਿ ਸੀਸੀਟੀਵੀ ਦੀ ਨਿਗਰਾਨੀ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ’ਚ ਬਿਆਨ ਦਰਜ ਕਰਨ ਲਈ ਲੰਘੀ 18-19 ਫਰਵਰੀ ਨੂੰ ਦੋ ਵਿਅਕਤੀਆਂ ਨੂੰ ਬੁਲਾਇਆ ਗਿਆ ਸੀ। ਉਧਰ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲੋਂ ਪੁੱਛਗਿੱਛ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਚਾਹੇ ਮੈਨੂੰ ਪੂਰੀ ਰਾਤ ਬੈਠਾਓ ਪ੍ਰੰਤੂ ਪੁੱਛਗਿੱਛ ਕਰੋ, ਪ੍ਰੰਤੂ ਜਾਂਚ ਏਜੰਸੀ ਪੁੱਛਗਿੱਛ ਕਰਦੀ ਹੀ ਨਹੀਂ।