ਡਰੱਗ ਮਾਮਲੇ ’ਚ ਦੋਸ਼ੀ ਜਗਦੀਸ਼ ਭੋਲਾ ਇਕ ਦਿਨ ਦੀ ਜ਼ਮਾਨਤ ’ਤੇ ਆਇਆ ਜੇਲ੍ਹ ਤੋਂ ਬਾਹਰ


ਬਿਮਾਰ ਮਾਂ ਨਾਲ ਗਿੱਦੜਬਾਹਾ ਦੇ ਹਸਪਤਾਲ ’ਚ ਕੀਤੀ ਮੁਲਾਕਾਤ ਕਪੂਰਥਲਾ/ਬਿਊਰੋ ਨਿਊਜ਼ : ਪੰਜਾਬ ਦੇ ਬਹੁਚਰਚਿਤ ਡਰੱਗ ਮਾਮਲੇ ’ਚ ਕਪੂਰਥਲਾ ਦੀ ਜੇਲ੍ਹ ’ਚ ਬੰਦ ਸਾਬਕਾ ਡੀਐਸਪੀ ਜਗਦੀਸ਼ ਭੋਲਾ ਅੱਜ ਇਕ ਦਿਨ ਦੀ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ। ਜੇਲ੍ਹ ਤੋਂ ਬਾਹਰ ਆਉਣ ਮਗਰੋਂ ਉਹ ਪੁਲਿਸ ਨਿਗਰਾਨੀ ਹੇਠ ਗਿੱਦੜਬਾਹਾ ਦੇ ਹਸਪਤਾਲ ਪਹੁੰਚਿਆ ਜਿੱਥੇ ਉਨ੍ਹਾਂ ਆਪਣੀ ਬਿਮਾਰ ਮਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਮੀਡੀਆ ਅੱਗੇ ਖੁਦ ਨੂੰ ਜ਼ਮਾਨਤ ਨਾ ਮਿਲਣ ’ਤੇ ਸਵਾਲ ਵੀ ਚੁੱਕੇ। ਉਨ੍ਹਾਂ ਕਿਹਾ ਕਿ ਮੈਂ ਕੁੱਝ ਵੀ ਗਲਤ ਨਹੀਂ ਕੀਤਾ। ਮੇਰੀ ਸੀਬੀਆਈ ਤੋਂ ਜਾਂਚ ਕਰਵਾ ਲੈਣ ਅਤੇ ਜੇਕਰ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ 2 ਮਹੀਨਿਆਂ ਦੀ ਪੈਰੋਲ ਮੰਗੀ ਸੀ ਪ੍ਰੰਤੂ ਮੈਨੂੰ ਪੈਰੋਲ ਨਹੀਂ ਮਿਲੀ। ਇਸ ਦੇ ਨਾਲ ਉਨ੍ਹਾਂ ਬਿਮਾਰ ਨੂੰ ਮਿਲਣ ਲਈ ਦਿੱਤੀ ਇਕ ਦੀ ਜ਼ਮਾਨਤ ਦੇਣ ਬਦਲੇ ਕੋਰਟ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ 700 ਕਰੋੜ ਰੁਪਏ ਦੇ ਡਰੱਗ ਮਾਮਲੇ ਵਿਚ ਜਗਦੀਸ਼ ਭੋਲਾ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਸ ਕੋਲੋਂ ਸਿੰਥੈਟਿਕ ਡਰੱਗਜ਼, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਾਰੀ ਕਾਰਾਂ ਬਰਾਮਦ ਵੀ ਹੋਈਆਂ ਸਨ। 2012 ਵਿਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਧਿਆਨ ਰਹੇ ਕਿ ਜਗਦੀਸ਼ ਭੋਲਾ ਅੰਤਰਰਾਸ਼ਟਰੀ ਪਹਿਲਵਾਨ ਵੀ ਰਹਿ ਚੁੱਕਾ ਹੈ ਅਤੇ ਉਹ ਅਰਜਨ ਐਵਾਰਡ ਜੇਤੂ ਵੀ ਹੈ।