[adrotate banner="3"]

6 ਹੋਰ ਸਕੂਲਾਂ ਵਿੱਚ ਟੋਰਾਂਟੋ ਹੈਲਥ ਅਧਿਕਾਰੀਆਂ ਨੇ ਐਲਾਨੀ ਕੋਵਿਡ-19 ਆਊਟਬ੍ਰੇਕ

ਟੋਰਾਂਟੋ ਦੇ ਛੇ ਹੋਰ ਸਕੂਲਾਂ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪਬਲਿਕ ਹੈਲਥ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਗੇ ਦੱਸੇ ਗਏ ਸਕੂਲਾਂ ਵਿੱਚ ਦੋ ਤੋਂ ਵੱਧ ਕੇਸ ਮਿਲੇ ਹਨ : ਦਾਂਤੇ ਅਲੀਘਿਏਰੀ ਅਕੈਡਮੀ, ਸਟੀਫਨ ਲੀਕੌਕ ਕਾਲਜੀਏਟ ਇੰਸਟੀਚਿਊਟ, ਸੇਂਟ ਜੂਡ ਕੈਥੋਲਿਕ ਸਕੂਲ, ਸੇਂਟ ਆਗਸਟਿਨ ਕੈਥੋਲਿਕ ਸਕੂਲ, ਮਿੱਲਵੁੱਡ ਜੂਨੀਅਰ ਸਕੂਲ ਤੇ ਹੁਰੌਨ ਸਟਰੀਟ ਜੂਨੀਅਰ ਪਬਲਿਕ ਸਕੂਲ। ਬੁੱਧਵਾਰ ਸ਼ਾਮ ਨੂੰ ਅਧਿਕਾਰੀਆਂ ਨੇ ਟਵੀਟ ਕਰਕੇ ਦੱਸਿਆ ਕਿ ਸਾਡੇ ਵੱਲੋਂ ਇਨ੍ਹਾਂ ਸੈਟਿੰਗਜ਼ ਵਿੱਚ ਆਊਟਬ੍ਰੇਕ ਡਿਕਲੇਅਰ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਵੀ ਆਖਿਆ ਕਿ ਅਸੀਂ ਇਨ੍ਹਾਂ ਮਾਮਲਿਆਂ ਦੀ ਧਿਆਨ ਨਾਲ ਜਾਂਚ ਕਰ ਰਹੇ ਹਾਂ ਤੇ ਸਕੂਲ ਕਮਿਊਨਿਟੀਜ਼ ਨਾਲ ਰਲ ਕੇ ਕੰਮ ਕਰ ਰਹੇ ਹਾਂ, ਸਬੰਧਤ ਪਾਜ਼ੀਟਿਵ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਰਹਿ ਕੇ ਆਪਣੇ ਲੱਛਣਾਂ ਦੀ ਜਾਂਚ ਕਰਨ ਤੇ ਆਪਣੇ ਟੈਸਟ ਕਰਵਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਪਰ ਇਸ ਸੱਭ ਦੇ ਬਾਵਜੂਦ ਸਕੂਲ ਖੁੱਲ੍ਹੇ ਰੱਖੇ ਜਾ ਰਹੇ ਹਨ। ਇਸ ਦੌਰਾਨ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਆਪਣੇ ਸਕੂਲਾਂ ਵਿੱਚ ਕੋਵਿਡ-19 ਕੇਸਾਂ ਨਾਲ ਸਿੱਝਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਚੈਸਟਰ ਲੀ ਜੂਨੀਅਰ ਪਬਲਿਕ ਸਕੂਲ ਤੇ ਕਲੇਅਰਲੀਅ ਪਬਲਿਕ ਸਕੂਲ ਵਿੱਚ ਹੀ ਸੱਭ ਤੋਂ ਵੱਧ ਕੋਵਿਡ-19 ਮਾਮਲੇ ਪਾਏ ਗਏ ਹਨ। ਵੀਰਵਾਰ ਸਵੇਰੇ ਚੈਸਟਰ ਲੀ ਵਿਖੇ ਸੱਤ ਵਿਦਿਆਰਥੀਆਂ ਤੇ ਇੱਕ ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਜਦਕਿ ਕਲੇਅਰਲੀਅ ਵਿਖੇ ਵੀ ਸੱਤ ਮਾਮਲੇ ਪਾਜ਼ੀਟਿਵ ਆਏ। ਇੱਥੇ ਕੋਵਿਡ-19 ਪਾਜ਼ੀਟਿਵ ਆਉਣ ਵਾਲੇ ਸਾਰੇ ਵਿਦਿਆਰਥੀ ਦੱਸੇ ਜਾਂਦੇ ਹਨ। ਇਹ ਦੋਵੇਂ ਸਕੂਲ ਵੀ ਖੁੱਲ੍ਹੇ ਹੋਏ ਹਨ।