ਭਾਰਤ ’ਚ ਇਨਕਮ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ


7 ਲੱਖ ਰੁਪਏ ਤੱਕ ਦੀ ਛੋਟ ਸਿਰਫ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਵਾਲਿਆਂ ਨੂੰ ਹੋਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਇਨਕਮ ਟੈਕਸ ਵਿਚ 8 ਸਾਲਾਂ ਬਾਅਦ ਵੱਡੀ ਰਾਹਤ ਦਿੱਤੀ ਹੈ। ਹੁਣ ਸਲਾਨਾ 7 ਲੱਖ ਰੁਪਏ ਦੀ ਕਮਾਈ ਹੋਣ ’ਤੇ ਇਨਕਮ ਟੈਕਸ ਨਹੀਂ ਦੇਣਾ ਪਵੇਗਾ। ਪਰ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਛੋਟ ਉਨ੍ਹਾਂ ਨੂੰ ਦਿੱਤੀ ਜਾਵੇਗੀ, ਜੋ ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਦੇ ਹਨ। ਹੁੁਣ ਟੈਕਸਾਂ ’ਚ ਛੋਟ ਦੇ ਨਾਲ ਟੈਕਸ ਸਲੈਬ ’ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ 0 ਤੋਂ 3 ਲੱਖ ਰੁਪਏ ਤੱਕ ਦੀ ਆਮਦਨ ਨੂੰ ਨਿੱਜੀ ਆਮਦਨ ਕਰ ਤੋਂ ਛੋਟ ਹੈ, 3 ਲੱਖ ਤੋਂ 6 ਲੱਖ ਰੁਪਏ ਤੱਕ ਦੀ ਆਮਦਨ ’ਤੇ 5 ਫੀਸਦੀ ਟੈਕਸ ਲੱਗੇਗਾ। ਇਸੇ ਤਰ੍ਹਾਂ 6 ਲੱਖ ਤੋਂ 9 ਲੱਖ ਰੁਪਏ ਤੱਕ ਦੀ ਆਮਦਨ ’ਤੇ 10 ਫੀਸਦੀ ਟੈਕਸ ਹੈ ਅਤੇ 9 ਲੱਖ ਤੋਂ 12 ਲੱਖ ਰੁਪਏ ਤੱਕ ਦੀ ਆਮਦਨ ’ਤੇ 15 ਫੀਸਦੀ ਟੈਕਸ ਲੱਗੇਗਾ। ਬਜਟ ਮੁਤਾਬਕ ਹੁਣ 12 ਲੱਖ ਤੋਂ 15 ਲੱਖ ਰੁਪਏ ਤੱਕ ਦੀ ਆਮਦਨ ’ਤੇ 20 ਫੀਸਦੀ ਟੈਕਸ ਹੈ ਅਤੇ ਸਲਾਨਾ 15 ਲੱਖ ਰੁਪਏ ਤੋਂ ਵੱਧ ਦੀ ਆਮਦਨ ’ਤੇ 30 ਫੀਸਦੀ ਟੈਕਸ ਲੱਗੇਗਾ। ਇਸ ਬਜਟ ਵਿਚ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਗਈ ਹੈ ਅਤੇ ਮਹਿਲਾਵਾਂ ਲਈ ਬਚਤ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸੇ ਦੌਰਾਨ ਬੈਟਰੀ ’ਤੇ ਕਸਟਮ ਚਾਰਜਿਜ਼ ਘਟਣਗੇ ਅਤੇ ਇਲੈਕਟ੍ਰੋਨਿਕ ਗੱਡੀਆਂ ਦੀ ਬੈਟਰੀ ਸਸਤੀ ਹੋਵੇਗੀ। ਖਿਡੌਣੇ, ਸਾਈਕਲ ਤੇ ਆਟੋਮੋਬਾਇਲ ਸਸਤੇ ਹੋਣਗੇ ਅਤੇ ਕਿਚਨ ਚਿਮਨੀ ਮਹਿੰਗੀ ਹੋ ਜਾਵੇਗੀ। ਕੁਝ ਮੋਬਾਇਲ ਫ਼ੋਨ ਸਸਤੇ ਹੋਣਗੇ ਅਤੇ ਕੈਮਰੇ ਵੀ ਸਸਤੇ ਹੋ ਰਹੇ ਹਨ। ਇਸ ਬਜਟ ਮੁਤਾਬਕ ਇਲੈਕਟਿ੍ਰਕ ਵਾਹਨ ਵੀ ਸਸਤੇ ਹੋਣਗੇ।