ਮਮਤਾ ਬੈਨਰਜੀ ਦਾ ਮੋਦੀ ਸਰਕਾਰ ਖਿਲਾਫ਼ ਦੋ ਦਿਨਾ ਧਰਨਾ ਸ਼ੁਰੂ


ਕੇਂਦਰ ਸਰਕਾਰ ’ਤੇ ਫੰਡ ਜਾਰੀ ਨਾ ਕਰਨ ਦਾ ਲਗਾਇਆ ਆਰੋਪ ਕੋਲਕਾਤਾ/ਬਿਊਰੋ ਨਿੳਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਵਿਖੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ਼ ਦੋ ਦਿਨਾ ਧਰਨਾ ਸ਼ੁਰੂ ਕਰ ਦਿੱਤਾ ਹੈ। ਮਮਤਾ ਬੈਨਰਜੀ 100 ਦਿਨਾ ਕੰਮ ਯੋਜਨਾ ਅਤੇ ਹੋਰ ਯੋਜਨਾਵਾਂ ਲਈ ਰਾਸ਼ੀ ਜਾਰੀ ਨਾ ਕਰਨ ਦੇ ਚਲਦਿਆਂ ਕੇਂਦਰ ਸਰਕਾਰ ਖਿਲਾਫ਼ ਇਸ ਧਰਨੇ ’ਤੇ ਬੈਠੀ ਹੈ। ਉਨ੍ਹਾਂ ਮੋਦੀ ਸਰਕਾਰ ’ਤੇ ਕੇਂਦਰੀ ਯੋਜਨਾਵਾਂ ਤਹਿਤ ਪੱਛਮੀ ਬੰਗਾਲ ਲਈ ਫੰਡ ਜਾਰੀ ਨਾ ਕਰਨ ਦਾ ਆਰੋਪ ਵੀ ਲਗਾਇਆ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ’ਚ ਮਨਰੇਗਾ ਅਤੇ ਆਵਾਸ ਯੋਜਨਾ ਦੇ ਲਈ ਵੀ ਪੱਛਮੀ ਬੰਗਾਲ ਨੂੰ ਇਕ ਰੁਪਇਆ ਵੀ ਨਹੀਂ ਦਿੱਤਾ ਗਿਆ। ਮਮਤਾ ਬੈਨਰਜੀ ਨੇ ਪਹਿਲਾਂ ਨਵੀਂ ਦਿੱਲੀ ਸਥਿਤ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਸਾਹਮਣੇ ਇਹ ਧਰਨਾ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ ਪ੍ਰੰਤੂ ਅੱਜ ਉਹ ਕੋਲਕਾਤਾ ’ਚ ਹੀ ਧਰਨੇ ’ਤੇ ਬੈਠ ਗਏ । ਕੇਂਦਰ ਦੀ ਨਰਿੰਦਰ ਸਰਕਾਰ ਖਿਲਾਫ਼ ਮਮਤਾ ਬੈਨਰਜੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਧਰਨਾ 30 ਮਾਰਚ ਤੱਕ ਜਾਰੀ ਰਹੇਗਾ।