ਸਿੱਧੂ-ਮਜੀਠੀਆ ਦੀ ਜੱਫੀ ਨੂੰ ਲੈ ਕੇ ਕਾਂਗਰਸ ਪਾਰਟੀ ’ਚ ਛਿੜਿਆ ਘਮਸਾਣ


ਰਵਨੀਤ ਬਿੱਟੂ ਬੋਲੇ : ਮਜੀਠੀਆ ਪ੍ਰਤੀ ਸਿੱਧੂ ਦੇ ਰਵੱਈਏ ਤੋਂ ਕਾਂਗਰਸੀ ਵਰਕਰ ਨਿਰਾਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਰਬ ਪਾਰਟੀ ਮੀਟਿੰਗ ਦੌਰਾਨ ਇਕ-ਦੂਜੇ ਨੂੰ ਜੱਫੀ ਪਾ ਕੇ ਮਿਲੇ ਸਨ। ਜਿਸ ਤੋਂ ਬਾਅਦ ਇਸ ਜੱਫੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਚਰਚਾ ਛਿੜ ਗਈ ਹੈ। ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਿੱਧੂ-ਮਜੀਠੀਆ ਦੀ ਜੱਫੀ ’ਤੇ ਤੰਜ ਕਸਿਆ ਹੈ। ਬਿੱਟੂ ਨੇ ਕਿਹਾ ਕਿ 6 ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਰੈਲੀਆਂ ਦੌਰਾਨ ਇਕ ਹੀ ਗੱਲ ਕਹਿੰਦੇ ਸਨ ਕਿ ਮਜੀਠੀਆ ਨਸ਼ਾ ਤਸਕਰ ਹੈ ਅਤੇ ਉਸ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦਿੱਤਾ ਹੈ। ਬਿੱਟੂ ਨੇ ਅੱਗੇ ਕਿਹਾ ਕਿ ਆਮ ਜ਼ਿੰਦਗੀ ’ਚ ਮਿਲਣਾ, ਹੱਥ ਮਿਲਾਉਣ ਇਕ ਆਮ ਜਿਹੀ ਗੱਲ ਹੈ ਪ੍ਰੰਤੂ ਜਿਸ ਤਰ੍ਹਾਂ ਨਵਜੋਤ ਸਿੱਧੂ ਨੇ ਬਿਕਰਮ ਮਜੀਠੀਆ ਪ੍ਰਤੀ ਆਪਣਾ ਰਵੱਈਆ ਦਿਖਾਇਆ ਹੈ, ਉਸ ਤੋਂ ਕਾਂਗਰਸੀ ਵਰਕਰ ਬਹੁਤ ਨਿਰਾਸ਼ ਹਨ। ਧਿਆਨ ਰਹੇ ਕਿ ਸਿੱਧੂ ਨੇ ਮਜੀਠੀਆ ਨੂੰ ਜੱਫੀ ਪਾਉਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦਰਮਿਆਨ ਜੋ ਵੀ ਮਤਭੇਦ ਹਨ ਉਹ ਸਿਆਸੀ ਹਨ ਜੋ ਅੱਗੇ ਵੀ ਜਾਰੀ ਰਹਿਣਗੇ। ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ’ਚ ਮਜੀਠੀਆ ਨੂੰ ਸ਼ਰ੍ਹੇਆਮ ਚਿੱਟੇ ਦਾ ਵਪਾਰੀ ਕਿਹਾ ਸੀ ਅਤੇ ਉਹ ਮਜੀਠੀਆ ਨੂੰ ਨਸ਼ਾ ਤਸਕਰ ਕਹਿ ਕੇ ਬੁਲਾਉਂਦੇ ਸਨ। ਉਥੇ ਹੀ ਬਿਕਰਮ ਮਜੀਠੀਆ ਵੀ ਨਵਜੋਤ ਸਿੰਘ ਸਿੱਧੂ ਨੂੰ ਠੋਕੋ ਤਾਲੀ ਕਹਿ ਬੁਲਾਉਂਦੇ ਸਨ।